ਇਲਾਜ ਲਈ ਹਵਾਈ ਜਹਾਜ਼ ਵਿਚ ਜਾਂਦੇ ਸਮੇਂ ਆਸਾਰਾਮ ਬਾਪੂ ਨੇ ਕੱਢਿਆ ਪੁਲਸ ਤੇ ਆਪਣਾ ਗੁੱਸਾ
ਮਹਾਰਾਸ਼ਟਰ : ਯੌਨ ਸ਼ੋਸ਼ਣ ਮਾਮਲੇ `ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਨੂੰ ਇਲਾਜ ਲਈ ਮਹਾਰਾਸ਼ਟਰ ਲਿਜਾਇਆ ਗਿਆ। ਆਸਾਰਾਮ ਬਾਪੂ ਨੂੰ ਇਲਾਜ ਲਈ ਰਾਜਸਥਾਨ ਹਾਈ ਕੋਰਟ ਤੋਂ ਸੱਤ ਦਿਨਾਂ ਦੀ ਪੈਰੋਲ ਮਿਲੀ ਹੈ। ਸੂਤਰਾਂ ਮੁਤਾਬਕ ਆਸਾਰਾਮ ਬਾਪੂ ਇੰਡੀਗੋ ਦੀ ਫਲਾਈਟ ਰਾਹੀਂ ਮੁੰਬਈ ਪਹੁੰਚੇ ਹਨ। ਜੋਧਪੁਰ ਪੁਲਸ ਕਮਿਸ਼ਨਰੇਟ ਦੇ ਸਟੇਸ਼ਨ ਇੰਚਾਰਜ ਹਨੂੰਮਾਨ ਸਿੰਘ ਨੇ ਦੱਸਿਆ ਕਿ ਆਸਾਰਾਮ ਬਾਪੂ ਨੂੰ ਸਖ਼ਤ ਸੁਰੱਖਿਆ ਹੇਠ ਕੇਂਦਰੀ ਜੇਲ੍ਹ ਤੋਂ ਹਵਾਈ ਅੱਡੇ ਲਿਆਂਦਾ ਗਿਆ। ਕੇਂਦਰੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਐਂਬੂਲੈਂਸ ਆਸਾਰਾਮ ਬਾਪੂ ਨੂੰ ਲੈ ਕੇ ਰਵਾਨਾ ਹੋਈ। ਇਸ ਦੌਰਾਨ ਆਸਾਰਾਮ ਬਾਪੂ ਫਲਾਈਟ `ਚ ਪੁਲਸ `ਤੇ ਗੁੱਸਾ ਕੱਢਦੇ ਨਜ਼ਰ ਆਏ।
ਮਹਾਰਾਸ਼ਟਰ ਦੇ ਖੋਪਲੀ ਦੇ ਮਾਧਵਬਾਗ ਹਸਪਤਾਲ ਵਿੱਚ ਆਸਾਰਾਮ ਦਾ ਇਲਾਜ ਕੀਤਾ ਜਾਵੇਗਾ। ਆਸਾਰਾਮ ਦੇ ਨਾਲ ਜੋਧਪੁਰ ਪੁਲਸ ਕਮਿਸ਼ਨਰੇਟ ਦੇ ਰਤਨਦਾ ਥਾਣੇ ਦੇ ਸਬ ਇੰਸਪੈਕਟਰ ਭੰਵਰ ਸਿੰਘ ਦੇ ਨਾਲ ਚਾਰ ਹੋਰ ਕਾਂਸਟੇਬਲ ਵੀ ਗਏ ਹਨ। ਦੱਸਣਯੋਗ ਹੈ ਕਿ ਰਾਜਸਥਾਨ ਹਾਈ ਕੋਰਟ ਨੇ 13 ਅਗਸਤ ਨੂੰ ਆਸਾਰਾਮ ਨੂੰ 7 ਦਿਨਾਂ ਦੀ ਪੈਰੋਲ ਦਿੱਤੀ ਸੀ।
ਪਿਛਲੇ 11 ਸਾਲਾਂ ਤੋਂ ਜੋਧਪੁਰ ਸੈਂਟਰਲ ਜੇਲ `ਚ ਬੰਦ ਆਸਾਰਾਮ ਨੇ ਪਹਿਲਾਂ ਵੀ ਕਈ ਵਾਰ ਪੈਰੋਲ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਆਸਾਰਾਮ ਨੂੰ ਇਲਾਜ ਲਈ ਪੈਰੋਲ ਮਿਲੀ ਹੈ। ਹਾਈਕੋਰਟ ਵਲੋਂ ਮਿਲੀ ਪੈਰੋਲ `ਚ ਆਸਾਰਾਮ `ਤੇ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਅਦਾਲਤ ਵੱਲੋਂ ਲਾਈਆਂ ਗਈਆਂ ਇਨ੍ਹਾਂ ਪਾਬੰਦੀਆਂ ਮੁਤਾਬਕ ਆਸਾਰਾਮ ਇਲਾਜ ਦੇ 7 ਦਿਨਾਂ ਦੌਰਾਨ ਸਿਰਫ਼ ਦੋ ਲੋਕਾਂ ਨੂੰ ਮਿਲ ਸਕਣਗੇ।