ਐਸ. ਜੀ. ਪੀ. ਸੀ. ਤੇ ਪੰਥਕ ਅਤੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਲਗਾਇਆ ਦੋਸ਼
ਚੰਡੀਗੜ੍ਹ: ਪੰਥਕ ਅਤੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਖਾਲਸਾ ਪੰਥ ਦੀ ਸਥਾਪਨਾ ਦੇ 300 ਸਾਲਾਂ ਦੌਰਾਨ ਸਿੱਖ ਗੁਰੂਆਂ ਬਾਰੇ ਹਿੰਦੀ ਵਿਚ ਗਲਤ ਅਤੇ ਵਿਵਾਦਗ੍ਰਸਤ ਕਿਤਾਬ ਪ੍ਰਕਾਸ਼ਿਤ ਕਰਨ ਦਾ ਦੋਸ਼ ਲਾਇਆ ਹੈ। ਸਿਰਸਾ ਨੇ ਕਿਹਾ ਕਿ ਇਸ ਕਿਤਾਬ ਵਿਚ ਸਿੱਖ ਗੁਰੂਆਂ ਲਈ ਅਪਮਾਨਜਨਕ ਸ਼ਬਦ ਵਰਤੇ ਗਏ ਹਨ। ਸਿਰਸਾ ਨੇ ਦੋਸ਼ ਲਾਇਆ ਕਿ ਐਸਜੀਪੀਸੀ ਨੇ ਇਹ ਕਿਤਾਬ ਆਰਆਰਐੱਸ ਦੇ ਦਬਾਅ ਹੇਠ ਪ੍ਰਕਾਸ਼ਿਤ ਕੀਤੀ ਸੀ ਅਤੇ ਆਪਣੀ ਗਲਤੀ ਦਾ ਅਹਿਸਾਸ ਹੋਣ ‘ਤੇ ਕਿਤਾਬ ਨੂੰ ਵਾਪਸ ਲੈ ਲਿਆ ਸੀ ਪਰ ਸਿਰਫ ਪੰਜ ਕਾਪੀਆਂ ਹੀ ਵਾਪਸ ਆਈਆਂ ਹਨ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ 2007 ਵਿਚ ਇਸ ਕਿਤਾਬ ਨੂੰ ਵਾਪਸ ਕਰਨ ਦੀ ਅਪੀਲ ਕੀਤੀ, ਪਰ ਪ੍ਰਕਾਸ਼ਿਤ ਕੀਤੀਆਂ ਗਈਆਂ ਕਾਪੀਆਂ ਵਿੱਚੋਂ ਅੱਜ ਤੱਕ ਸਿਰਫ ਪੰਜ ਕਾਪੀਆਂ ਹੀ ਵਾਪਸ ਆਈਆਂ ਹਨ। ਉਨ੍ਹਾਂ ਦੀ ਜਾਣਕਾਰੀ ਅਨੁਸਾਰ, ਇਹ ਪ੍ਰਕਾਸ਼ਿਤ ਕਾਪੀਆਂ ਵਿੱਚੋਂ ਕਈ ਲੋਕਾਂ ਨੇ ਫੋਟੋ ਕਾਪੀਆਂ ਕਰਵਾਈਆਂ ਹਨ, ਜਿਨ੍ਹਾਂ ਦੀ ਸੰਖਿਆ ਹਜ਼ਾਰਾਂ ਵਿੱਚ ਹੈ। ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਗੁਰੂਆਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਪਛਾਣ ਕੇ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਿਰਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਕਿਤਾਬ ਵਿਚ ਲੇਖਕ ਦਾ ਨਾਮ ਵੀ ਨਹੀਂ ਦਿੱਤਾ ਗਿਆ।ਉਨ੍ਹਾਂ ਨੇ ਖੁਲਾਸਾ ਕੀਤਾ ਕਿ ਐਸ. ਜੀ. ਪੀ. ਸੀ. ਦੀ ਤਤਕਾਲੀਨ ਪ੍ਰਧਾਨ ਬੀਬੀ ਜਗੀਰ ਕੌਰ ਦੇ ਸਮੇਂ ਸਾਲ 1999 ਵਿਚ ਖਾਲਸਾ ਪੰਥ ਦੀ ਸਿਰਜਣਾ ਦੇ 300 ਸਾਲਾ ਜਸ਼ਨ ਦੇ ਅਧੀਨ ਮਤ ਸੰਖਿਆ 556 ਦੇ ਤਹਿਤ ਹਿੰਦੀ ਭਾਸ਼ਾ ਵਿਚ ਅਮ੍ਰਿਤਸਰ ਦੀ ਡਾਨ ਪ੍ਰੈੱਸ ਤੋਂ ਇਸ ਕਿਤਾਬ ਦੀਆਂ ਹਜ਼ਾਰਾਂ ਕਾਪੀਆਂ ਛਪਵਾਈਆਂ ਗਈਆਂ, ਜਿਸ ਲਈ ਭੁਗਤਾਨ ਗੁਰੂ ਦੀ ਗੋਲਕ ਦੇ ਪੈਸੇ ਰਾਹੀਂ ਕੀਤਾ ਗਿਆ ਸੀ।ਉਧਰ ਬੀਬੀ ਜਗੀਰ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਸ ਕਿਤਾਬ ਨੂੰ ਵਾਪਸ ਲੈ ਲਿਆ ਸੀ। ਇਹ ਬਹੁਤ ਪੁਰਾਣਾ ਮਸਲਾ ਹੈ ਅਤੇ ਇਸ ਬਾਰੇ ਪਹਿਲਾਂ ਵੀ ਉਹ ਕਈ ਵਾਰ ਅਪਣਾ ਪੱਖ ਰੱਖ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਾਣਬੁਝ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।