ਐੱਸ. ਟੀ. ਪੀ. ਆਈ. ਪਾਰਕ ਚਾਲੂ ਕਰ ਕੇ ਅੰਮ੍ਰਿਤਸਰ ਨੂੰ ਆਈ. ਟੀ. ਹੱਬ ਬਣਾਉਣ ਦੀ ਐਮ. ਪੀ. ਔਜਲਾ ਨੇ ਕੀਤੀ ਸੰਸਦ ਵਿਚ ਮੰਗ
ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਐੱਸ. ਟੀ. ਪੀ. ਆਈ. ਪਾਰਕ ਚਾਲੂ ਕਰ ਕੇ ਅੰਮ੍ਰਿਤਸਰ ਨੂੰ ਆਈ. ਟੀ. ਹੱਬ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ 2022 ਤੋਂ ਤਿਆਰ ਸਾਫਟਵੇਅਰ ਟੈਕਨਾਲੋਜੀ ਪਾਰਕ ਕਿਸੇ ਲੇਖੇ ਲਗਾਇਆ ਜਾ ਸਕੇ। ਐਮ. ਪੀ. ਔਜਲਾ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਤੋਂ ਮੰਗ ਕੀਤੀ ਕਿ ਇਸ ਦੇ ਲਾਂਚ ਦੀ ਤਰੀਕ ਦਿੱਤੀ ਜਾਵੇ। ਅੰਮ੍ਰਿਤਸਰ ਨੂੰ ਆਈਟੀ ਹੱਬ ਬਣਾਉਣ ਲਈ ਇਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ। ਸੰਸਦ ਮੈਂਬਰ ਨੇ ਸੰਸਦ ਵਿੱਚ ਕਿਹਾ ਕਿ ਅੰਮ੍ਰਿਤਸਰ ਵਿੱਚ ਸਾਫਟਵੇਅਰ ਪਾਰਕ ਆਫ ਟੈਕਨਾਲੋਜੀ 2022 ਵਿੱਚ ਲਗਭਗ ਤਿਆਰ ਹੋ ਗਿਆ ਸੀ ਪਰ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਮੱਧ ਏਸ਼ੀਆ ਦੇ ਨੇੜੇ ਸਥਿਤ ਹੈ ਜੋ ਕਿ ਇੱਥੋਂ ਸਿਰਫ 2 ਤੋਂ 3 ਘੰਟੇ ਦਾ ਹਵਾਈ ਉਡਾਨ ਦਾ ਸਫਰ ਹੈ। ਮੱਧ ਏਸ਼ੀਆ ਦੇ ਦੇਸ਼ ਨੂੰ ਸਾਫਟਵੇਅਰ ਦੀ ਲੋੜ ਹੈ ਅਤੇ ਇਸਦੀ ਨੇੜਤਾ ਅਤੇ ਸਾਰੀਆਂ ਸੁਵਿਧਾਵਾਂ ਦੀ ਉਪਲਬਧਤਾ ਕਾਰਨ ਅੰਮ੍ਰਿਤਸਰ ਇਕ ਵਧੀਆ ਸਾਫਟਵੇਅਰ ਨਿਰਯਾਤਕ ਬਣ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਮੰਤਰੀ ਜਲਦੀ ਤੋਂ ਜਲਦੀ ਇਸ ਸਬੰਧੀ ਕੋਈ ਤਰੀਕ ਦੇ ਸਕਦੇ ਹਨ? ਜੇਕਰ ਅੰਮ੍ਰਿਤਸਰ ਦੇ ਆਈ.ਟੀ.ਪਾਰਕ ਨੂੰ ਕਾਰਜਸ਼ੀਲ ਬਣਾ ਦਿੱਤਾ ਜਾਵੇ ਤਾਂ ਇਹ ਸਾਫਟਵੇਅਰ ਐਕਸਪੋਰਟ ਲਈ ਵਧੀਆ ਹੱਬ ਬਣ ਸਕਦਾ ਹੈ। ਅੰਮ੍ਰਿਤਸਰ ਦੇ ਸੈਂਕੜੇ ਬੱਚੇ ਆਈ.ਟੀ. ਵਿੱਚ ਕੰਮ ਕਰਨ ਲਈ ਮੁਹਾਲੀ, ਬੰਗਲੌਰ ਆਦਿ ਸ਼ਹਿਰਾਂ ਵਿੱਚ ਜਾਂਦੇ ਹਨ, ਪਰ ਜੇਕਰ ਉਨ੍ਹਾਂ ਦੇ ਆਪਣੇ ਸ਼ਹਿਰ ਵਿੱਚ ਆਈ.ਟੀ. ਹੱਬ ਬਣ ਜਾਵੇ ਤਾਂ ਸਰਹੱਦੀ ਖੇਤਰ ਦਾ ਵੀ ਵਿਕਾਸ ਹੋਵੇਗਾ ਅਤੇ ਨੌਜਵਾਨਾਂ ਨੂੰ ਨੌਕਰੀਆਂ ਲਈ ਬਾਹਰ ਨਹੀਂ ਜਾਣਾ ਪਵੇਗਾ. ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਅਨੁਸਾਰ ਅੰਮ੍ਰਿਤਸਰ ਹਰ ਤਰ੍ਹਾਂ ਨਾਲ ਆਈ.ਟੀ. ਹੱਬ ਬਣਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਮਹਿਤਾ ਰੋਡ ’ਤੇ ਇੱਕ ਸਾਫਟਵੇਅਰ ਟੈਕਨਾਲੋਜੀ ਪਾਰਕ ਬਣਾਇਆ ਗਿਆ ਹੈ ਜੋ ਕਿ ਚਾਲੂ ਹੋਣ ਦੀ ਉਡੀਕ ਕਰ ਰਿਹਾ ਹੈ। ਇਸ ਮਾਮਲੇ ’ਤੇ ਗੰਭੀਰਤਾ ਨਾਲ ਪ੍ਰਤੀਕਿਰਿਆ ਦਿੰਦਿਆਂ ਇਲੈਕਟ੍ਰੋਨਿਕ, ਸੂਚਨਾ ਤਕਨਾਲੋਜੀ ਮੰਤਰੀ ਜਤਿਨ ਪ੍ਰਸਾਦ ਨੇ ਕਿਹਾ ਕਿ ਅੰਮ੍ਰਿਤਸਰ ਸਰਕਾਰ ਦੀ ਪਹਿਲ ’ਤੇ ਹੈ। ਇਸ ਮਾਮਲੇ ’ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਸਾਫਟਵੇਅਰ ਟੈਕਨਾਲੋਜੀ ਪਾਰਕ ਤਿਆਰ ਹੈ ਅਤੇ ਇਸ ’ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।