ਕੋਲਕਾਤਾ ਦੇ ਆਰ ਜੀ ਕਾਰ ਹਸਪਤਾਲ ਵਿਚ ਬੇਨਿਯਮੀਆਂ ਮਾਮਲੇ ਵਿਚ ਸੀਬੀਆਈ ਨੇ ਜੋਡੀਆਂ ਘੋਸ਼ ਖਿਲਾਫ਼ ਗ਼ੈਰ-ਜ਼ਮਾਨਤੀ ਧਾਰਾਵਾਂ
ਕੋਲਕਾਤਾ : ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਦੇ ਸਬੰਧ ’ਚ ਦਰਜ ਐੱਫਆਈਆਰ ’ਚ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਨਾਮਜ਼ਦ ਕੀਤਾ ਹੈ। ਸੀਬੀਆਈ ਨੇ ਘੋਸ਼ ਖ਼ਿਲਾਫ਼ ਗ਼ੈਰ-ਜ਼ਮਾਨਤੀ ਧਾਰਾਵਾਂ 120ਬੀ, 420 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ, 1988 (ਸੋਧ 2018) ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਹੈ। ਇਸ ਦੌਰਾਨ ਮਹਿਲਾ ਡਾਕਟਰ ਨਾਲ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੀ ਜਾਂਚ ਦੇ ਮਾਮਲੇ ’ਚ ਸੀਬੀਆਈ ਨੇ ਅੱਜ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਪੰਜ ਹੋਰਾਂ ਦਾ ਦੂਜੀ ਵਾਰ ਪੌਲੀਗ੍ਰਾਫ਼ ਟੈਸਟ ਕੀਤਾ। ਅਧਿਕਾਰੀਆਂ ਮੁਤਾਬਕ ਪਿਛਲੇ 10 ਦਿਨਾਂ ਦੌਰਾਨ ਘੋਸ਼ ਤੋਂ ਹੋਈ ਪੁੱਛ-ਪੜਤਾਲ ਦੌਰਾਨ ਉਸ ਦੇ ਬਿਆਨਾਂ ’ਚ ਤਾਲਮੇਲ ਨਾ ਦਿਖਣ ਕਾਰਨ ਦੌਜੀ ਵਾਰ ਪੌਲੀਗ੍ਰਾਫ਼ ਟੈਸਟ ਕਰਾਉਣਾ ਪਿਆ ਹੈ। ਉਧਰ ਹਸਪਤਾਲ ’ਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਦੇ ਮਾਮਲੇ ’ਚ ਸੀਬੀਆਈ ਨੇ ਸੋਮਵਾਰ ਨੂੰ ਸਾਬਕਾ ਮੈਡੀਕਲ ਸੁਪਰਡੈਂਟ ਤੇ ਵਾਈਸ ਪ੍ਰਿੰਸੀਪਲ ਸੰਜੇ ਵਸ਼ਿਸ਼ਟ ਤੋਂ ਪੁੱਛ-ਪੜਤਾਲ ਕੀਤੀ। ਇਸੇ ਤਰ੍ਹਾਂ ਸੂਬੇ ਦੀਆਂ ਛੇ ਦੁਰਗਾ ਪੂਜਾ ਕਮੇਟੀਆਂ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 85 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੂਜਾ ਕਮੇਟੀਆਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸਹਾਇਤਾ ਰਾਸ਼ੀ ਦੇਣ ਦੀ ਪੇਸ਼ਕਸ਼ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਉਹ ਅਜਿਹੀ ਸਰਕਾਰ ਤੋਂ ਸਹਾਇਤਾ ਨਹੀਂ ਲੈ ਸਕਦੇ ਹਨ ਜਦੋਂ ਔਰਤਾਂ ਸੁਰੱਖਿਆ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਹਨ। ਸਾਬਕਾ ਪ੍ਰਿੰਸੀਪਲ ਘੋਸ਼ ਤੋਂ ਇਲਾਵਾ ਸੀਬੀਆਈ ਨੇ ਮੈਸਰਜ਼ ਮਾ ਤਾਰਾ ਟਰੇਡਰਜ਼ ਜੋਰਹਾਟ, ਬਨੀਪੁਰ, ਹਾਵੜਾ, ਮੈਸਰਜ਼ ਇਸ਼ਾਨ ਕੈਫ਼ੈ, ਬੇਲਗਾਚੀਆ ਅਤੇ ਮੈਸਰਜ਼ ਖਾਮਾ ਲਾਊਹਾ ਖ਼ਿਲਾਫ਼ ਵੀ ਕੇਸ ਦਰਜ ਕੀਤੇ ਹਨ। ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇਬਲ ਕੁਮਾਰ ਘੋਸ਼ ਵੱਲੋਂ ਕੀਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਇਹ ਐੱਫਆਈਆਰ ਸ਼ਨਿਚਰਵਾਰ ਨੂੰ ਦਰਜ ਕੀਤੀ ਗਈ ਸੀ। ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਅਖ਼ਤਰ ਅਲੀ ਨੇ ਸੰਸਥਾ ’ਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਸਬੰਧੀ ਪਟੀਸ਼ਨ ਦਾਖ਼ਲ ਕੀਤੀ ਸੀ। ਸੀਬੀਆਈ ਨੇ ਸ਼ਨਿਚਰਵਾਰ ਨੂੰ ਘੋਸ਼ ਤੇ ਪੰਜ ਹੋਰਾਂ ’ਤੇ ਝੂਠ ਫੜਨ ਵਾਲੇ ਟੈਸਟ ਕੀਤੇ ਸਨ। ਮੁੱਖ ਮੁਲਜ਼ਮ ਸੰਜੇ ਰਾਏ ਦਾ ਐਤਵਾਰ ਨੂੰ ਪੌਲੀਗ੍ਰਾਫ਼ ਟੈਸਟ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ’ਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਦੇ ਮਾਮਲੇ ’ਚ ਸੋਮਵਾਰ ਨੂੰ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਸਾਬਕਾ ਮੈਡੀਕਲ ਸੁਪਰਡੈਂਟ ਤੇ ਵਾਈਸ ਪ੍ਰਿੰਸੀਪਲ ਸੰਜੇ ਵਸ਼ਿਸ਼ਟ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਗਈ।