ਖੇਡ ਲੇਖਕ ਪਿ੍ਰੰਸੀਪਲ ਸਰਵਣ ਸਿੰਘ ਨੇ ਕੀਤਾ ਦੇਸ਼ ਦੀ ਜੁਝਾਰੂ ਧੀ ਵਿਨੇਸ਼ ਦੇ ਸਿਰ `ਤੇ ਹੱਥ ਰੱਖਦਾ, ਉਸ ਨੂੰ ਧਰਵਾਸ ਦਿੰਦਾ ਮੈਂ ਆਪਣਾ ‘ਖੇਡ ਰਤਨ’ ਦਾ ਮੈਡਲ ਉਸ ਦੀ ਝੋਲੀ ਪਾਉਣ ਦਾ ਐਲਾਨ
ਚੰਡੀਗੜ੍ਹ : ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ‘ਪੁਰੇਵਾਲ ਖੇਡ ਮੇਲੇ’ ਵਿਚ ਉਨ੍ਹਾਂ ਨੂੰ ਮਿਲਿਆ ‘ਖੇਡ ਰਤਨ’ ਪੁਰਸਕਾਰ ਭਾਰਤੀ ਪਹਿਲਵਾਨ ਵਿਨੇਸ਼ ਫੋਗਟ ਨੂੰ ਦੇਣ ਦਾ ਐਲਾਨ ਕੀਤਾ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਖੇਡ ਲੇਖਣ ਤੇ ਖੇਡ ਪ੍ਰਮੋਸ਼ਨ ਕਾਰਨ ਉਮਰ ਭਰ ਦੀਆਂ ਤੁੱਛ ਸੇਵਾਵਾਂ ਲਈ ਖੇਡ ਪ੍ਰੇਮੀਆਂ ਨੇ ਸਾਲ 2023 ਦੇ ‘ਪੁਰੇਵਾਲ ਖੇਡ ਮੇਲੇ’ ਵਿਚ ਉਸਨੂੰ ‘ਖੇਡ ਰਤਨ’ ਪੁਰਸਕਾਰ ਨਾਲ ਸਨਮਾਨਿਆ ਸੀ। ਉਸ ਪੁਰਸਕਾਰ ਵਿਚ ਸ਼ੁਧ ਸੋਨੇ ਦਾ ਇੱਕ ਮੈਡਲ ਵੀ ਸੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਜੁਝਾਰੂ ਧੀ ਵਿਨੇਸ਼ ਦੇ ਸਿਰ `ਤੇ ਹੱਥ ਰੱਖਦਾ, ਉਸ ਨੂੰ ਧਰਵਾਸ ਦਿੰਦਾ ਮੈਂ ਆਪਣਾ ‘ਖੇਡ ਰਤਨ’ ਦਾ ਮੈਡਲ ਉਸ ਦੀ ਝੋਲੀ ਪਾ ਰਿਹਾਂ। ਉਮੀਦ ਹੈ ਕਿ ਵਿਨੇਸ਼ ਮੇਰੀ ਤਿੱਲ਼-ਫੁੱਲ ਜਹੀ ਭੇਟਾ ਪਰਵਾਨ ਕਰ ਲਵੇਗੀ। ਪ੍ਰਿੰਸੀਪਲ ਨੇ ਕਿਹਾ ਕਿ ਸਾਧਾਰਨ ਘਰ ਦੀ ਜਾਈ ਸਾਡੀ ਧੀ ਨੇ ਕੁਸ਼ਤੀਆਂ ਤੇ ਔਰਤਾਂ ਦੀ ਪੱਤ ਦੀ ਰਾਖੀ ਲਈ ਜੋ ਸੰਘਰਸ਼ ਲੜਿਆ ਹੈ, ਉਹ ਕਰੋੜਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤੈਨੂੰ (ਫੋਗਾਟ) ਹਾਰੀ ਨਹੀਂ, ਜੇਤੂ ਮੰਨਦੇ ਹਾਂ।