ਡੇਰਾ ਬਾਬਾ ਨਾਨਕ ਵਿਖੇ ਹਥਿਆਰਾਂ ਨਾਲ ਨੌਜਵਾਨ ਦਾ ਹੋਇਆ ਕਤਲ
ਅੰਮ੍ਰਿਤਸਰ : ਪੰਜਾਬ ਦੇ ਡੇਰਾ ਬਾਬਾ ਨਾਨਕ ਵਿਖੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾ ਵਾਪਰਨ ਦਾ ਮੁੱਖ ਕਾਰਨ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਦਾਣਾ ਮੰਡੀ ਡੇਰਾ ਬਾਬਾ ਨਾਨਕ ’ਚ ਹੋਏ ਨੌਜਵਾਨ ਦੇ ਕਤਲ ਨਾਲ ਕਸਬੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਵੱਜੋਂ ਹੋਈ ਹੈ। ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ `ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੂਜੇ ਪਾਸੇ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਵੱਡੇ ਪੁੱਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਛੋਟੇ ਦਾ ਵੀ ਕਤਲ ਹੋ ਗਿਆ ਅਤੇ ਕਤਲ ਕਰਨ ਵਾਲਾ ਵੱਡੇ ਪੁੱਤ ਦਾ ਦੋਸਤ ਹੈ। ਕਾਰਨ ਕੀ ਹੈ ਇਹ ਤਾਂ ਪਤਾ ਨਹੀਂ ਹੈ। ਪਰ ਰੋਂਦੀ ਹੋਈ ਮਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਡੀ. ਐਸ. ਪੀ. ਡੇਰਾ ਬਾਬਾ ਨਾਨਕ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਵਡੇ ਭਰਾ ਦਾ ਕਰੀਬ 6 ਮਹੀਨੇ ਪਹਿਲਾ ਕਤਲ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਕਿਸੇ ਗੈਂਗਸਟਰ ਗਰੁੱਪ ਵੱਲੋਂ ਲਈ ਗਈ ਸੀ।