ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ ਤੇ ਆਲ ਤ੍ਰਿਪੁਰਾ ਟਾਈਗਰ ਫੋਰਸ ਦੇ 500 ਦਹਿਸ਼ਤਗਰਦਾਂ ਕੀਤਾ ਆਤਮ ਸਮਰਪਣ
ਅਗਰਤਲਾ : ਭਾਰਤ ਦੇਸ਼ ਦੇ ਤ੍ਰਿਪੁਰਾ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ’ ਤੇ ‘ਆਲ ਤ੍ਰਿਪੁਰਾ ਟਾਈਗਰ ਫੋਰਸ’ ਦੇ ਲਗਭਗ 500 ਦਹਿਸ਼ਤਗਰਦਾਂ ਨੇ ਮੁੱਖ ਮੰਤਰੀ ਮਾਨਿਕ ਸਾਹਾ ਅੱਗੇ ਹਥਿਆਰ ਸੁੱਟ ਦਿੱਤੇ। ਸਿਪਾਹੀਜਾਲਾ ਜ਼ਿਲ੍ਹੇ ਦੇ ਜਮਪੁਈਜਾਲਾ ਵਿੱਚ ਸਮਾਗਮ ਦੌਰਾਨ ਦਹਿਸ਼ਤਗਰਦਾਂ ਦਾ ਮੁੱਖ ਧਾਰਾ ਵਿੱਚ ਸਵਾਗਤ ਕਰਦਿਆਂ ਸਾਹਾ ਨੇ ਕਿਹਾ ਕਿ ਅਤਿਵਾਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਵੱਡੀ ਗਿਣਤੀ ਦਹਿਸ਼ਤਗਰਦਾਂ ਦੇ ਆਤਮ-ਸਮਰਪਣ ਤੋਂ ਬਾਅਦ ਉਨ੍ਹਾਂ ਇਸ ਉੱਤਰ-ਪੂਰਬੀ ਸੂਬੇ ਨੂੰ ‘ਅਤਿਵਾਦ ਤੋਂ ਪੂਰੀ ਤਰ੍ਹਾਂ ਮੁਕਤ’ ਕਰਾਰ ਦਿੱਤਾ। ਸਾਹਾ ਨੇ ਕਿਹਾ, ‘ਕੇਂਦਰ ਅਤੇ ਸੂਬਾ ਸਰਕਾਰਾਂ ਵੱਖ-ਵੱਖ ਯੋਜਨਾਵਾਂ ਸ਼ੁਰੂ ਕਰਕੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀਆਂ ਹਨ। ਮੈਂ ਹਿੰਸਾ ਦਾ ਰਸਤਾ ਛੱਡਣ ਅਤੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਾ ਹਾਂ।’ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਅੱਜ ਐੱਨਐੱਲਐੱਫਟੀ ਤੇ ਏਟੀਟੀਐੱਫ ਦੇ ਕਰੀਬ 500 ਦਹਿਸ਼ਤਗਰਦਾਂ ਨੇ ਆਤਮ-ਸਮਰਪਣ ਕਰ ਦਿੱਤਾ ਅਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਹਥਿਆਰ ਸੁੱਟ ਦੇਣਗੇ। ਇਸ ਦੌਰਾਨ ਅਤਿਵਾਦੀਆਂ ਨੇ ਅਤਿ ਆਧੁਨਿਕ ਹਥਿਆਰ ਸੌਂਪ ਦਿੱਤੇ ਹਨ।’ ਦਹਿਸ਼ਤਗਰਦਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ 4 ਸਤੰਬਰ ਨੂੰ ਦਿੱਲੀ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਨਾਲ ਹੋਏ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਆਤਮ ਸਮਰਪਣ ਕੀਤਾ ਹੈ। ਕੇਂਦਰ ਨੇ ਦੋਵਾਂ ਜਥੇਬੰਦੀਆਂ ਦੇ ਦਹਿਸ਼ਤਗਰਦਾਂ ਦੇ ਮੁੜ ਵਸੇਬੇ ਲਈ 250 ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ। ਜਥੇਬੰਦੀਆਂ ਲਗਪਗ ਦੋ ਦਹਾਕਿਆਂ ਤੱਕ ਸੂਬੇ ਵਿੱਚ ਸਰਗਰਮ ਰਹੀਆਂ ਹਨ ।