ਨੌਜਵਾਨ ਨੇ ਕੀਤੀ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜਿ਼ੰਦਗੀ ਖਤਮ
ਭਵਾਨੀਗੜ੍ਹ : ਜਿ਼ਲਾ ਸੰਗਰੂਰ ਅਧੀਨ ਆਉਂਦੇ ਕਸਬਾ ਭਵਾਨੀਗੜ੍ਹ ਵਿਖੇ ਅੱਜ ਇਕ ਨੌਜਵਾਨ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ, ਸੱਸ ਅਤੇ ਮਾਮੇ ਸਹੁਰੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਰਾਮਪੁਰਾ ਰੋਡ `ਤੇ ਲਾਲ ਬਾਗ ਕਾਲੋਨੀ ਦੇ ਨਿਵਾਸੀ ਪਿਆਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਉਸਦੇ ਤਿੰਨ ਲੜਕੇ ਹਨ। ਵੱਡੇ ਲੜਕੇ ਬਸੰਤ ਸਿੰਘ (28) ਦਾ ਵਿਆਹ ਕਰੀਬ 3 ਸਾਲ ਪਹਿਲਾਂ ਪਿੰਡ ਅਗੇਤਾ (ਨਾਭਾ) ਦੀ ਖੁਸ਼ਪ੍ਰੀਤ ਕੌਰ ਉਰਫ਼ ਖੁਸ਼ੀ ਨਾਲ ਹੋਇਆ ਸੀ। ਜਿਸ ਦੀ ਇਕ ਸਾਲ ਦੀ ਬੇਟੀ ਵੀ ਹੈ। ਸ਼ਿਕਾਇਤਕਰਤਾ ਅਨੁਸਾਰ ਉਸਦੇ ਲੜਕੇ ਬਸੰਤ ਦੇ ਵਿਆਹ ਦਾ ਵਿਚੋਲਾ ਨੂੰਹ ਖੁਸ਼ਪ੍ਰੀਤ ਦਾ ਮਾਮਾ ਕਰਮਜੀਤ ਸਿੰਘ ਵਾਸੀ ਘਨੌੜ ਰਾਜਪੂਤਾਂ ਸੀ। ਦਿੱਤੀ ਸ਼ਿਕਾਇਤ `ਚ ਪਿਆਰਾ ਸਿੰਘ ਨੇ ਦੱਸਿਆ ਕਿ ਉਸਦੀ ਨੂੰਹ ਦਾ ਪੇਕਾ ਪਰਿਵਾਰ ਸ਼ੁਰੂ ਤੋਂ ਹੀ ਉਸਦੇ ਲੜਕੇ ਦੇ ਵਿਆਹੁਤਾ ਜੀਵਨ ਵਿਚ ਦਖ਼ਲਅੰਦਾਜ਼ੀ ਕਰਦਾ ਰਹਿੰਦਾ ਸੀ ਤੇ ਉਸਦੀ ਨੂੰਹ ਖੁਸ਼ਪ੍ਰੀਤ ਕੌਰ ਵੀ ਆਪਣੀ ਮਾਂ ਜੀਤ ਕੌਰ ਤੇ ਮਾਮਾ ਕਰਮਜੀਤ ਸਿੰਘ ਦੀ ਕਥਿਤ ਸ਼ਹਿ `ਤੇ ਉਸਦੇ ਲੜਕੇ ਬਸੰਤ ਸਿੰਘ ਤੇ ਉਸਦੇ ਪਰਿਵਾਰ ਨਾਲ ਹਮੇਸ਼ਾ ਝਗੜਾ ਕਰਦੀ ਰਹਿੰਦੀ ਸੀ ਜਿਸ ਸਬੰਧੀ ਕਈ ਵਾਰ ਪੰਚਾਇਤੀ ਰਾਜੀਨਾਮੇ ਵੀ ਹੋਏ ਪਰ ਖੁਸ਼ਪ੍ਰੀਤ, ਉਸਦੀ ਮਾਂ ` ਮਾਮੇ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ। ਹਾਲਾਂਕਿ ਉਸ ਨੇ ਕਲੇਸ਼ ਮਿਟਾਉਣ ਲਈ ਆਪਣੇ ਬੇਟੇ ਬਸੰਤ ਤੇ ਨੂੰਹ ਖੁਸ਼ਪ੍ਰੀਤ ਨੂੰ ਘਰ ਵਿੱਚ ਹੀ ਵੱਖ ਕਰ ਦਿਤਾ ਸੀ ਫਿਰ ਵੀ ਖੁਸ਼ਪ੍ਰੀਤ ਉਸਦੇ ਲੜਕੇ ਨਾਲ ਲੜਦੀ ਰਹਿੰਦੀ ਸੀ ਤੇ ਖੁਸ਼ਪ੍ਰੀਤ ਦੀ ਮਾਂ ਤੇ ਮਾਮਾ ਕਰਮਜੀਤ ਸਿੰਘ ਰੋਜ਼ਾਨਾ ਫੋਨ ਕਰਕੇ ਉਸਦੇ ਬੇਟੇ ਨੂੰ ਧਮਕੀਆਂ ਦਿੰਦੇ ਸਨ। ਜਿਸ ਕਾਰਨ ਉਸਦਾ ਲੜਕਾ ਬਸੰਤ ਸਿੰਘ ਮਾਨਸਿਕ ਤੌਰ `ਤੇ ਪਰੇਸ਼ਾਨ ਤੇ ਚੁੱਪ ਰਹਿਣ ਲੱਗ ਪਿਆ। ਪਿਆਰਾ ਸਿੰਘ ਨੇ ਦੱਸਿਆ ਕਿ ਇਸ ਸਭ ਵਿਚਾਲੇ ਵੀਰਵਾਰ ਦੀ ਸਵੇਰੇ ਵੀ ਉਸਦੀ ਨੂੰਹ ਖੁਸ਼ਪ੍ਰੀਤ ਲੜਾਈ ਝਗੜਾ ਕਰ ਕੇ ਧਮਕੀਆਂ ਦਿੰਦੇ ਹੋਈ ਘਰੋਂ ਚਲੀ ਗਈ ਜਿਸ ਮਗਰੋਂ ਖੁਸ਼ਪ੍ਰੀਤ ਦੀ ਮਾਂ ਜੀਤ ਕੌਰ ਤੇ ਮਾਮਾ ਕਰਮਜੀਤ ਸਿੰਘ ਨੇ ਫੋਨ ਕਰ ਕੇ ਉਸਦੇ ਲੜਕੇ ਬਸੰਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਬਸੰਤ ਸਿੰਘ ਸਹਿਮ ਗਿਆ ਜਿਸਨੇ ਘਰ ਦੇ ਕਮਰੇ ਵਿਚ ਜਾ ਕੇ ਪੱਖੇ ਨਾਲ ਫਾਹਾ ਲੈ ਲਿਆ। ਪਤਾ ਲੱਗਣ `ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਬਸੰਤ ਸਿੰਘ ਨੂੰ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸਦੇ ਲੜਕੇ ਬਸੰਤ ਸਿੰਘ ਨੇ ਆਪਣੀ ਪਤਨੀ ਖੁਸ਼ਪ੍ਰੀਤ ਕੌਰ, ਸੱਸ ਜੀਤ ਕੌਰ ਤੇ ਮਾਮਸਰੇ ਕਰਮਜੀਤ ਸਿੰਘ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੇ ਧਮਕਾਉਣ ਤੋੰ ਤੰਗ ਆ ਕੇ ਇਹ ਖੌਫਨਾਕ ਕਦਮ ਚੁੱਕਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਪਿਆਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਖੁਸ਼ਪ੍ਰੀਤ ਕੌਰ, ਜੀਤ ਕੌਰ ਤੇ ਕਰਮਜੀਤ ਸਿੰਘ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਫਿਲਹਾਲ ਮਾਮਲੇ `ਚ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।