‘ਪੁਲਾੜ ਦਾ ਮਲਬਾ ਪੁਲਾੜ ਮੁਹਿੰਮਾਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ : ਰਾਸ਼ਟਰਪਤੀ ਦਰੋਪਦੀ ਮੁਰਮੂ
ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪੁਲਾੜ ’ਚ ਕਈ ਉਪਗ੍ਰਹਿ ਸਥਾਪਤ ਹੋਣ ਕਾਰਨ ਵਧਦੇ ਮਲਬੇ ’ਤੇ ਚਿੰਤਾ ਜ਼ਾਹਿਰ ਕੀਤੀ ਤੇ 2030 ਤੱਕ ਭਵਿੱਖ ਦੀਆਂ ਪੁਲਾੜ ਮੁਹਿੰਮਾਂ ਨੂੰ ਮਲਬਾ ਮੁਕਤ ਬਣਾਉਣ ਦਾ ਟੀਚਾ ਤੈਅ ਕਰਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸ਼ਲਾਘਾ ਕੀਤੀ। ਮੁਰਮੂ ਭਾਰਤ ਦੇ ਚੰਦਰਯਾਨ-3 ਦੇ ਚੰਦ ਦੇ ਦੱਖਣੀ ਧਰੁਵ ਖੇਤਰ ’ਚ ਉਤਰਨ ਦੀ ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ ਪਹਿਲੇ ਕੌਮੀ ਪੁਲਾੜ ਦਿਵਸ ਸਬੰਧੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਇੱਥੇ ਭਾਰਤ ਮੰਡਪਮ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਪੁਲਾੜ ਦਾ ਮਲਬਾ ਪੁਲਾੜ ਮੁਹਿੰਮਾਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ।’ ਇਸ ਸਮਾਗਮ ’ਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਇਸਰੋ ਮੁਖੀ ਐੱਸ ਸੋਮਨਾਥ, ਇਸਰੋ ਦੇ ਇੰਜਨੀਅਰ, ਵਿਗਿਆਨੀ ਤੇ ਪੁਲਾੜ ਸਨਅਤ ਦੇ ਨੁਮਾਇੰਦੇ ਸ਼ਾਮਲ ਹੋਏ। ਰਾਸ਼ਟਰਪਤੀ ਨੇ ਇਸਰੋ ਦੀ ਸੁਰੱਖਿਆ ਤੇ ਸਥਿਰ ਸੰਚਾਲਨ ਪ੍ਰਬੰਧਨ ਸਹੂਲਤ ਦੀ ਸ਼ਲਾਘਾ ਕੀਤੀ ਜੋ ਪੁਲਾੜ ਖੋਜ ਗਤੀਵਿਧੀਆਂ ਦੀ ਲਗਾਤਾਰ ਪ੍ਰਗਤੀ ਯਕੀਨੀ ਬਣਾਉਂਦੀ ਹੈ। ਮੁਰਮੂ ਨੇ ਕਿਹਾ, ‘ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੋ ਰਹੀ ਹੈ ਕਿ ਭਾਰਤ 2023 ਤੱਕ ਆਪਣੀਆਂ ਸਾਰੀਆਂ ਪੁਲਾੜ ਮੁਹਿੰਮਾਂ ਨੂੰ ਮਲਬਾ ਮੁਕਤ ਬਣਾਉਣ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।’ ਰਾਸ਼ਟਰਪਤੀ ਨੇ ਇਸ ਮੌਕੇ ਰੋਬੋਟਿਕਸ ਚੈਲੇਂਜ ਤੇ ਭਾਰਤੀ ਪੁਲਾੜ ਹੈਕਾਥਨ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ। ਉਨ੍ਹਾਂ ਕਿਹਾ ਕਿ ਇਸਰੋ ਨੇ ਪੁਲਾੜ ਖੇਤਰ ’ਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ ਤੇ ਨਾਲ ਹੀ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ’ਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ।