ਪੰਜਾਬ ਸਰਕਾਰ ਨੇ ਕੀਤੀ ਪੇਂਡੂ ਵਿਕਾਸ ਫੰਡ ਲੈਣ ਲਈ ਜੱਦੋ ਜਹਿਦ
ਨਵੀਂ ਦਿੱਲੀ : ਪੇਂਡੂ ਵਿਕਾਸ ਫੰਡ ਨਾਲ ਸਬੰਧਤ ਬਕਾਇਆ ਰਕਮ ਲੈਣ ਲਈ ਪੰਜਾਬ ਸਰਕਾਰ ਨੇ ਜੱਦੋ ਜਹਿਦ ਸ਼ੁਰੂ ਕਰ ਦਿੱਂਤੀ ਹੈ। ਦੱਸਣਯੋਗ ਹੈ ਕਿ ਇਹ ਫੰਡ ਕੇਂਦਰ ਦੀ ਐਨ. ਡੀ. ਏ. ਸਰਕਾਰ ਨੇ ਪੰਜਾਬ ਨੂੰ ਦੇਣਾ ਹੈ।ਇਥੇ ਹੀ ਬਸ ਨਹੀਂ ਇਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਕਰਾਰ ਵੀ ਹੁੰਦੀ ਰਹੀ ਹੈ ਤੇ ਸਿਆਸੀ ਪਾਰਟੀਆਂ ਵੀ ਇਸ ਨੂੰ ਲੈ ਕੇ ਇਕ-ਦੂਜੀ ਨਾਲ ਉਲਝਦੀਆਂ ਰਹੀਆਂ ਹਨ। ਇਲਜ਼ਾਮਤਰਾਸ਼ੀਆਂ ਵੀ ਚੱਲਦੀਆਂ ਰਹੀਆਂ ਹਨ ਪਰ ਪੰਜਾਬ ਨੂੰ ਉਸ ਦੇ ਹਿੱਸੇ ਦਾ ਪੈਸਾ ਨਹੀਂ ਮਿਲਿਆ। ਹਕੀਕਤ ਤਾਂ ਇਹੀ ਹੈ ਕਿ ਪੰਜਾਬ ਸਰਕਾਰ ਦੀ ਮਾਲੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। ਅਜਿਹੇ ’ਚ ਉਸ ਨੂੰ ਵਿਕਾਸ ਤੇ ਜਨਤਾ ਦੀ ਭਲਾਈ ਲਈ ਪੈਸੇ ਦੀ ਦਰਕਾਰ ਹੈ। ਨਵੇਂ ਵਿੱਤੀ ਸੋਮੇ ਪੈਦਾ ਹੋ ਨਹੀਂ ਰਹੇ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਪੁਰਾਣੇ ਸੋਮਿਆਂ ਤੋਂ ਹੀ ਪੈਸਾ ਲਿਆ ਜਾਵੇ। ਇਨ੍ਹਾਂ ਕੋਸ਼ਿਸ਼ਾਂ ਤਹਿਤ ਹੀ ਪੰਜਾਬ ਸਰਕਾਰ ਕੇਂਦਰ ਤੋਂ ਆਰਡੀਐੱਫ ਦਾ ਬਕਾਇਆ ਲੈਣ ਲਈ ਮੰਗਲਵਾਰ ਨੂੰ ਸੁਪਰੀਮ ਕੋਰਟ ਚਲੀ ਗਈ। ਦਾਖ਼ਲ ਪਟੀਸ਼ਨ ’ਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਤੁਰੰਤ ਬਕਾਇਆ ਰਕਮ ਜਾਰੀ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਹੈ। ਇਹ ਪਹਿਲਾ ਮਾਮਲਾ ਨਹੀਂ ਜਦੋਂ ਕੇਂਦਰ ਨੇ ਪੰਜਾਬ ਦੇ ਆਰਡੀਐੱਫ ਦਾ ਪੈਸਾ ਰੋਕਿਆ ਹੋਵੇ।