ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਤੀਆਂ ਮੌਕੇ ਪ੍ਰਤਿਭਾ ਖੋਜ ਮੁਕਾਬਲੇ
ਪਟਿਆਲਾ, 7 ਅਗਸਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਮਿਤੀ 8 ਅਗਸਤ ਵੀਰਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ‘ਪੰਜਾਬੀ’ ਅਤੇ ਸਾਹਿਤ ਸਭਾ ਦੇ ਇੰਚਾਰਜ ਡਾ. ਗੁਰਸੇਵਕ ਸਿੰਘ ਲੰਬੀ ਨੇ ਗੱਲ–ਬਾਤ ਦੌਰਾਨ ਦੱਸਿਆ ਕਿ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਦੀ ਅਗਵਾਈ ਹੇਠ ਸਵੇਰ ਤੋਂ ਲੈ ਕੇ ਸ਼ਾਮ ਤਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਪ੍ਰਤਿਭਾ ਖੋਜ ਮੁਕਾਬਲਿਆਂ ਤਹਿਤ ਵਿਭਾਗ ਦੇ ਵਿਦਿਆਰਥੀਆਂ–ਖੋਜਾਰਥੀਆਂ ਦੇ ਰਵਾਇਤੀ ਲੋਕਗੀਤ/ਲੰਮੀ ਹੇਕ ਵਾਲੇ ਗੀਤ ਗਾਇਨ, ਮਹਿੰਦੀ ਲਗਾਉਣ, ਅਤੇ ਗਿੱਧੇ ਦੇ ਪਿੜ ਵਿਚ ਬੋਲੀਆਂ ਪਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਇਨਾਮ ਤੇ ਸਰਟੀਫਿਕੇਟ ਤਕਸੀਮ ਕੀਤੇ ਜਾਣਗੇ।