ਬੰਗਲਾਦੇਸ਼ ’ਚ ਘੱਟਗਿਣਤੀ ਭਾਈਚਾਰਿਆਂ ਖਿਲਾਫ਼ ਹਿੰਸਾ ਤੋਂ ਅਖਿਲੇਸ਼ ਅਤੇ ਮਾਇਆਵਤੀ ਫ਼ਿਕਰਮੰਦ
ਲਖਨਊ :ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਬੰਗਲਾਦੇਸ਼ ਵਿਚ ਘੱਟਗਿਣਤੀ ਭਾਈਚਾਰਿਆਂ ਖਿਲਾਫ਼ ਹਿੰਸਾ ਤੋਂ ਵੱਡੇ ਫ਼ਿਕਰਮੰਦ ਹਨ। ਯਾਦਵ ਨੇ ਅੱਜ ਕਿਹਾ ਕਿ ਬੰਗਲਾਦੇਸ਼ ਵਿਚ ਕਿਸੇ ਵੀ ਭਾਈਚਾਰੇ ਨੂੰ ਹਿੰਸਾ ਦਾ ਸ਼ਿਕਾਰ ਨਾ ਬਣਾਇਆ ਜਾਵੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਨੁੱਖੀ ਹੱਕਾਂ ਦੀ ਸੁਰੱਖਿਆ ਨਾਲ ਜੁੜੇ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ’ਤੇ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਡੀ ਸੁਰੱਖਿਆ ਤੇ ਅੰਦਰੂਨੀ ਸੁਰੱਖਿਆ ਨਾਲ ਜੁੜਿਆ ਸੰਵੇਦਨਸ਼ੀਲ ਮਸਲਾ ਹੈ। ਉਧਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਵਿਚ ਹਿੰਦੂਆਂ ਤੇ ਹੋਰਨਾਂ ਘੱਟਗਿਣਤੀਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਲਏ ਤੇ ਇਨ੍ਹਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕੇ।