ਭਾਜਪਾ ਨੇ ਰੁਜ਼ਗਾਰ ਦੇ ਮੌਕੇ ਖੋਹ ਕੇ ਹਰਿਆਣਾ ਸਣੇ ਦੇਸ਼ ਦੇ ਨੌਜਵਾਨਾਂ ਨਾਲ ‘ਵੱਡੀ ਬੇਇਨਸਾਫ਼ੀ’ ਕੀਤੀ ਹੈ : ਰਾਹੁਲ
ਨਵੀਂ ਦਿੱਲੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਨੇ ਰੁਜ਼ਗਾਰ ਦੇ ਮੌਕੇ ਖੋਹ ਕੇ ਹਰਿਆਣਾ ਸਣੇ ਦੇਸ਼ ਦੇ ਨੌਜਵਾਨਾਂ ਨਾਲ ‘ਵੱਡੀ ਬੇਇਨਸਾਫ਼ੀ’ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ‘ਡੰਕੀ’ ਲਾ ਕੇ ਵਿਦੇਸ਼ ਜਾਣ ਵਾਸਤੇ ‘ਤਸੀਹਿਆਂ ਵਾਲੀ ਯਾਤਰਾ’ ਲਈ ਮਜਬੂਰ ਕੀਤਾ ਜਾ ਰਿਹਾ ਹੈ। ਗਾਂਧੀ ਨੇ ਆਪਣੀ ਹਾਲੀਆ ਅਮਰੀਕਾ ਫੇਰੀ ਦੌਰਾਨ ਹਰਿਆਣਾ ਨਾਲ ਸਬੰਧਤ ਕੁਝ ਪਰਵਾਸੀਆਂ ਨਾਲ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਗਾਂਧੀ ਨੇ ਐਕਸ ’ਤੇ ਪੋਸਟ ਨਾਲ ਇਹ ਵੀਡੀਓ ਟੈਗ ਕਰਦਿਆਂ ਕਿਹਾ, ‘ਹਰਿਆਣਾ ਦੇ ਨੌਜਵਾਨਾਂ ਨੇ ਡੰਕੀ ਵੱਲ ਮੂੰਹ ਕਿਉਂ ਕੀਤਾ?’ ਗੈਰਕਾਨੂੰਨੀ ਤਰੀਕੇ ਨਾਲ ਪਰਵਾਸ ਕਰਨ ਦੀ ਤਕਨੀਕ ਨੂੰ ਡੰਕੀ ਕਿਹਾ ਜਾਂਦਾ ਹੈ। ਗਾਂਧੀ ਨੇ ਕਿਹਾ, ‘ਲੱਖਾਂ ਪਰਿਵਾਰਾਂ ਨੂੰ ਭਾਜਪਾ ਵੱਲੋਂ ਫੈਲਾਈ ‘ਬੇਰੁਜ਼ਗਾਰੀ ਦੇ ਰੋਗ’ ਦੀ ਕੀਮਤ ਆਪਣੇ ਨੇੜਲਿਆਂ ਨੂੰ ਖ਼ੁਦ ਤੋਂ ਦੂਰ ਭੇਜ ਕੇ ਤਾਰਨੀ ਪੈ ਰਹੀ ਹੈ। ਅਮਰੀਕਾ ਦੀ ਫੇਰੀ ਦੌਰਾਨ ਮੈਨੂੰ ਹਰਿਆਣਾ ਦੇ ਕਈ ਨੌਜਵਾਨ ਮਿਲੇ, ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਵਿਦੇਸ਼ ਵਿਚ ਸੰਘਰਸ਼ ਕਰਨਾ ਪੈ ਰਿਹਾ ਹੈ।’ ਗਾਂਧੀ ਨੇ ਕਿਹਾ ਕਿ ਦੇਸ਼ ਵਾਪਸੀ ’ਤੇ ਜਦੋਂ ਉਹ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਿਆ ਤਾਂ ਉਨ੍ਹਾਂ ਦੀਆਂ ਅੱਖਾਂ ਦੁੁੱਖ ਤੇ ਪੀੜ ਨਾਲ ਭਰੀਆਂ ਸਨ। ਮੌਕਿਆਂ ਦੀ ਘਾਟ ਨੇ ਬੱਚਿਆਂ ਤੋਂ ਉਨ੍ਹਾਂ ਦੇ ਪਿਤਾ ਦਾ ਸਹਾਰਾ ਤੇ ਬਜ਼ੁਰਗਾਂ ਤੋਂ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਖੋਹ ਲਿਆ। ਰਾਹੁਲ ਗਾਂਧੀ ਨੇ ਲੰਘੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਕਰਨਾਲ ਵਿਚ ਅਜਿਹੇ ਹੀ ਇਕ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਗਾਂਧੀ ਅਮਰੀਕਾ ਫੇਰੀ ਦੌਰਾਨ ਇਸ ਨੌਜਵਾਨ ਨੂੰ ਮਿਲੇ ਸਨ, ਜੋ ਇਕ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਸੀ।