ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਗਰਾਓਂ ਵਿਖੇ ਹੋਏ ਸਕੂਲ ਬੱਸ ਹਾਦਸੇ ਦਾ ਲਿਆ ਨੋਟਿਸ
8 ਅਗਸਤ ਤੱਕ ਮੰਗੀ ਰਿਪੋਰਟ
ਚੰਡੀਗੜ੍ਹ : ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਗਰਾਓਂ ਵਿਖੇ ਸਕੂਲ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਅਤੇ ਦੋ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਦਾ ਗੰਭੀਰ ਨੋਟਿਸ ਲਿਆ ਹੈ। ਇਸ ਘਟਨਾ ਸਬੰਧੀ ਸੀਨੀਅਰ ਪੁਲਿਸ ਕਪਤਾਨ ਜਗਰਾਉਂ ਨੂੰ ਪੱਤਰ ਭੇਜ ਕੇ ਸਕੂਲ ਬੱਸ ਹਾਦਸੇ ਦੇ ਕਾਰਨਾਂ ਬਾਰੇ 8 ਅਗਸਤ ਤੱਕ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਜਗਰਾਓਂ ਵਿੱਚ ਸਕੂਲੀ ਬੱਸ ਦੇ ਹਾਦਸੇ ਵਿੱਚ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਨੂੰ ਸੇਫ਼ ਸਕੂਲ ਵਹੀਕਲ ਸਕੀਮ ਤਹਿਤ ਸਾਰੇ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ ਅਤੇ ਸਕੂਲ ਮੁਖੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿਰਫ਼ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਬੱਸਾਂ ਦੀ ਹੀ ਵਰਤੋਂ ਕਰੇ। ਚੇਅਰਮੈਨ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਨੂੰ ਪੱਤਰ ਜਾਰੀ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਰਿਪੋਰਟ ਮੰਗੀ ਗਈ ਹੈ।