ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਖੇਡ ਦਿਵਸ ’ਤੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵੱਧ ਤੋਂ ਵੱਧ ਨੌਜਵਾਨ ਖੇਡਾਂ ਵਿੱਚ ਮੱਲਾਂ ਮਾਰਨ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਲਿਖਿਆ, ‘ਕੌਮੀ ਖੇਡ ਦਿਵਸ ਦੀਆਂ ਸ਼ੁਭਕਾਮਨਾਵਾਂ। ਅੱਜ ਅਸੀਂ ਮੇਜਰ ਧਿਆਨ ਚੰਦ ਜੀ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਇਹ ਉਨ੍ਹਾਂ ਸਾਰਿਆਂ ਨੂੰ ਵਧਾਈ ਦੇਣ ਦਾ ਮੌਕਾ ਹੈ, ਜਿਨ੍ਹਾਂ ਨੂੰ ਖੇਡਾਂ ਦਾ ਜਨੂੰਨ ਹੈ ਅਤੇ ਜੋ ਭਾਰਤ ਲਈ ਖੇਡੇ ਹਨ।’ ਉਨ੍ਹਾਂ ਕਿਹਾ, ‘ਸਾਡੀ ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਅਸੀਂ ਇਹ ਵੀ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਵੱਧ ਤੋਂ ਵੱਧ ਨੌਜਵਾਨ ਖੇਡਣ ਅਤੇ ਖੇਡਾਂ ਵਿੱਚ ਆਪਣੀ ਚਮਕ ਬਿਖੇਰਨ । ਇਸੇ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਜ਼ਫਰ ਇਕਬਾਲ ਨੇ ਕੌਮੀ ਖੇਡ ਦਿਵਸ ’ਤੇ ਇੱਥੇ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਆਜ਼ਾਦੀ ਤੋਂ ਪਹਿਲਾਂ ਲਗਾਤਾਰ ਤਿੰਨ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਕੌਮੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਾਂਡਵੀਆ ਨੇ ਇੱਥੇ ਨੈਸ਼ਨਲ ਸਟੇਡੀਅਮ ’ਤੇ ਧਿਆਨ ਚੰਦ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ, ‘ਕੌਮੀ ਖੇਡ ਦਿਵਸ ਮੌਕੇ ਅਸੀਂ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਹੈ ਕਿ ਜੋ ਖੇਡੇਗਾ, ਉਹੀ ਖਿੜੇਗਾ।’ ਉਨ੍ਹਾਂ ਕਿਹਾ, ‘ਦੇਸ਼ ਦੇ ਨਾਗਰਿਕਾਂ ਨੂੰ ਫਿੱਟ ਅਤੇ ਸਿਹਤਮੰਦ ਰਹਿਣ ਦੀ ਲੋੜ ਹੈ ਤਾਂ ਕਿ ਸਿਹਤਮੰਦ ਸਮਾਜ ਦਾ ਨਿਰਮਾਣ ਹੋ ਸਕੇ। ਅਜਿਹਾ ਸਮਾਜ ਰਾਸ਼ਟਰ ਨਿਰਮਾਣ ਵਿੱਚ ਮਦਦ ਕਰਦਾ ਹੈ। ਅਸੀਂ 2047 ਤੱਕ ਵਿਕਸਤ ਭਾਰਤ ਬਣਾਉਣਾ ਹੈ, ਜਿਸ ਵਿੱਚ ਸਾਰੇ ਨਾਗਰਿਕ ਸਿਹਤਮੰਦ ਹੋਣ।