ਸ਼ਰਜੀਲ ਇਮਾਮ ਮਾਮਲੇ ਵਿਚ ਸੁਪਰੀਮ ਕੋਰਟ ਨੇ ਚਾਰ ਸੂਬਿਆਂ ਤੋਂ ਜਵਾਬ ਮੰਗਿਆ
ਨਵੀਂ ਦਿੱਲੀ : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼, ਅਸਾਮ, ਮਨੀਪੁਰ ਤੇ ਅਰੁਣਾਚਲ ਪ੍ਰਦੇਸ਼ ਤੋਂ ਪੁੱਛਿਆ ਕਿ ਜੇ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਇਮਾਮ ਖ਼ਿਲਾਫ਼ ਕੇਸ ਦਿੱਲੀ ਤਬਦੀਲ ਕਰ ਦਿੱਤੇ ਜਾਂਦੇ ਹਨ ਤਾਂ ਕੀ ਉਨ੍ਹਾਂ ਨੂੰ ਕੋਈ ਇਤਰਾਜ਼ ਹੈ? ਸ਼ਰਜੀਲ ਇਮਾਮ ਨੇ ਆਪਣੇ ਖ਼ਿਲਾਫ਼ ਦੇਸ਼ ਧਰੋਹ ਦੇ ਦੋਸ਼ਾਂ ਸਬੰਧੀ ਕਈ ਕੇਸ ਇਕ ਥਾਂ ਇਕੱਠੀਆਂ ਕਰਨ ਦੀ ਮੰਗ ਕੀਤੀ ਸੀ। ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੈ ਕੁਮਾਰ ਤੇ ਜਸਟਿਸ ਆਰ ਮਹਾਦੇਵਨ ਨੇ ਚਾਰੇ ਰਾਜਾਂ ਤੋਂ ਜਵਾਬ ਮੰਗਦਿਆਂ ਮਾਮਲੇ ਦੀ ਸੁਣਵਾਈ ਚਾਰ ਹਫ਼ਤੇ ਬਾਅਦ ਤੈਅ ਕੀਤੀ ਹੈ। ਸੰਖੇਪ ਸੁਣਵਾਈ ਦੌਰਾਨ ਇਮਾਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿੱਧਾਰਥ ਦਵੇ ਨੇ ਬੈਂਚ ਨੂੰ ਦੱਸਿਆ ਕਿ ਅਸਾਮ ਤੇ ਮਨੀਪੁਰ ’ਚ ਦਰਜ ਕੇਸਾਂ ’ਚ ਦੋਸ਼ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਬੈਂਚ ਨੇ ਕਿਹਾ ਕਿ ਉਸ ਨੂੰ ਸਬੰਧਤ ਸੂਬਿਆਂ ਤੋਂ ਜਵਾਬ ਮੰਗਣ ਦੀ ਲੋੜ ਹੈ।