ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਤਹਿਬਾਜ਼ਾਰੀ ਦੀ ਕੱਟੀ ਜਾਂਦੀ ਫੀਸ ਲਈ ਜਾਵੇਗੀ ਹੁਣ ਆਨਲਾਈਨ ਅਤੇ ਡਿਜੀਟਲ
ਜਲੰਧਰ : ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਨਿਗਮ ਦੇ ਵੱਖ-ਵੱਖ ਵਿਭਾਗਾਂ ਦਾ ਸਿਸਟਮ ਬਦਲਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਸ ਤਹਿਤ ਹੁਣ ਤਹਿਬਾਜ਼ਾਰੀ ਵਿਭਾਗ ਦੀ ਵਾਰੀ ਆਉਣ ਵਾਲੀ ਹੈ। ਨਿਗਮ ਕਮਿਸ਼ਨਰ ਨੇ ਪੱਤਰਕਰਾਂ ਨੂੰ ਦੱਸਿਆ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਬਣੇ ਸਟਰੀਟ ਵੈਂਡਿੰਗ ਜ਼ੋਨ ਵਿਚ ਰੇਹੜੀ ਅਤੇ ਖੋਖੇ ਵਾਲਿਆਂ ਨੂੰ ਸਹੂਲਤਾਂ ਮੁਹੱਈਆ ਕਰਵਾਈ ਜਾਣਗੀਆਂ ਅਤੇ ਤਹਿਬਾਜ਼ਾਰੀ ਦੀ ਕੱਟੀ ਜਾਂਦੀ ਫੀਸ ਹੁਣ ਆਨਲਾਈਨ ਅਤੇ ਡਿਜੀਟਲ ਤਰੀਕੇ ਨਾਲ ਲਈ ਜਾਵੇਗੀ ਤਾਂ ਕਿ ਨਗਰ ਨਿਗਮ ਕੋਲ ਹਰ ਇਲਾਕੇ ਅਤੇ ਹਰ ਵੈਂਡਰ ਦਾ ਪੂਰਾ-ਪੂਰਾ ਹਿਸਾਬ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਤਹਿਬਾਜ਼ਾਰੀ ਵਿਭਾਗ ਵਿਚ ਚੱਲ ਰਿਹਾ ਭ੍ਰਿਸ਼ਟਾਚਾਰ ਚਰਚਾ ਵਿਚ ਰਿਹਾ ਹੈ ਪਰ ਨਿਗਮ ਕਮਿਸ਼ਨਰ ਨੇ ਹੁਣ ਆਨਲਾਈਨ ਉਗਰਾਹੀ ਨਾਲ ਇਸ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਦੀ ਯੋਜਨਾ ਬਣਾਈ ਹੈ। ਆਉਣ ਵਾਲੇ ਦਿਨਾਂ ਵਿਚ ਕਿੰਨੀ ਕਾਮਯਾਬ ਮਿਲਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।