ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਿਸ਼ਾਨ ਸਾਹਿਬ `ਤੇ ਚੜ੍ਹਾਏ ਪੁਸ਼ਾਕੇ ਬਦਲਣ ਦੀ ਸੇਵਾ ਕੀਤੀ ਗਈ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਸ਼ੁੱਕਰਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਿਸ਼ਾਨ ਸਾਹਿਬ `ਤੇ ਚੜ੍ਹਾਏ ਪੁਸ਼ਾਕੇ ਬਦਲਣ ਦੀ ਸੇਵਾ ਕੀਤੀ ਗਈ। ਨਿਸ਼ਾਨ ਸਾਹਿਬ `ਤੇ ਚੜ੍ਹਾਏ ਕੇਸਰੀ ਪੁਸ਼ਾਕਿਆਂ ਦੀ ਥਾਂ ਉਪਰ ਬਸੰਤੀ ਰੰਗ ਦੇ ਪੁਸ਼ਾਕੇ ਚੜ੍ਹਾਉਣ ਦੀ ਸੇਵਾ ਸੰਪਨ ਹੋ ਗਈ ਹੈ । ਦੱਸਣਯੋਗ ਹੈ ਕਿ ਪਿਛਲੇ ਦਿਨੀ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ, ਜਿਸ ਮੁਤਾਬਿਕ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਸਿਰਫ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਕ ਸਰਕੂਲਰ ਜਾਰੀ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਗੁਰਦੁਆਰਾ ਸਾਹਿਬਾਨ ’ਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਰਹਿਤ ਮਰਿਆਦਾ ਮੁਤਾਬਕ ਬਸੰਤੀ ਜਾਂ ਸੁਰਮਈ ਹੋਣ।ਸ਼ੁੱਕਰਵਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਕੀ ਪੌੜੀ ਵਿਖੇ ਬਸੰਤੀ ਰੰਗ ਦੇ ਪੁਸ਼ਾਕੇ ਚੜਾਉਣ ਦੀ ਸੇਵਾ ਸੰਪਨ ਹੋਈ। ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਸਾਰੇ 13 ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਬਦਲਣ ਦੀ ਸੇਵਾ ਕੀਤੀ ਜਾਵੇਗੀ।